ਆਸਟ੍ਰੇਲੀਆ( ਪੁਸ਼ਪਿੰਦਰ ਤੂਰ)- ਆਸਟ੍ਰੇਲੀਆ ਵਿੱਚ ਪੰਜਾਬੀ ਮੂਲ ਦੀ ਇਮੀਗ੍ਰੇਸ਼ਨ ਏਜੰਟ ਵਨੀਤ ਕੌਰ ਚੱਢਾ ਤੇ ਵੀਜ਼ਾ ਧੋਖਾਧੜੀ ਦੇ ਦੋਸ਼ਾਂ ਤਹਿਤ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ ਹੈ ਅਤੇ ਪੰਜ ਸਾਲਾਂ ਲਈ ਪਾਬੰਦੀ ਲਗਾ ਦਿੱਤੀ ਹੈ। ਉਸਨੇ ਹਜ਼ਾਰਾਂ ਭਾਰਤੀ ਨੌਜਵਾਨਾਂ ਨੂੰ ਆਸਟ੍ਰੇਲੀਆ ਵਿੱਚ ਵਸਾਉਣ ਦਾ ਦਾਅਵਾ ਕੀਤਾ ਸੀ। ਵਨੀਤ ਕੌਰ ਰਾਏ ਮਾਈਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟਸ ਰਾਹੀਂ ਪੰਜਾਬ ਅਤੇ ਭਾਰਤ ਦੇ ਨੌਜਵਾਨਾਂ ਨੂੰ ਆਸਟ੍ਰੇਲੀਆ ਦੇ ਵੀਜ਼ੇ ਪ੍ਰਦਾਨ ਕੀਤੇ ਸਨ। ਉਸ ਤੇ ਦੋਸ਼ ਹੈ ਕਿ ਉਸ ਨੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਰਜਿਸਟ੍ਰੇਸ਼ਨ ਪ੍ਰਾਪਤ ਕੀਤੀ ਅਤੇ ਗੁੰਮਰਾਹਕੁੰਨ ਇਸ਼ਤਿਹਾਰਾਂ ਰਾਹੀਂ ਲੋਕਾਂ ਨਾਲ ਧੋਖਾ ਕੀਤਾ। ਆਸਟ੍ਰੇਲੀਆ ਵਿੱਚ ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਅਥਾਰਟੀ (OMARA) ਦੇ ਦਫ਼ਤਰ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਨੀਤ ਨੇ ਨਾ ਸਿਰਫ਼ ਨਿਯਮਾਂ ਦੀ ਉਲੰਘਣਾ ਕੀਤੀ ਹੈ ਬਲਕਿ ਆਸਟ੍ਰੇਲੀਆਈ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਵੀ ਧੋਖਾ ਕੀਤਾ ਹੈ। ਵਨੀਤ ਕੌਰ ਚੱਢਾ 2016 ਤੋਂ ਇੱਕ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਦੇ ਤੌਰ ‘ਤੇ ਕੰਮ ਕਰ ਰਹੀ ਸੀ। ਜਾਂਚ ਉਦੋਂ ਸ਼ੁਰੂ ਹੋਈ ਜਦੋਂ ਆਸਟ੍ਰੇਲੀਆਈ ਗ੍ਰਹਿ ਵਿਭਾਗ ਨੇ ਉਸ ਦੀਆਂ ਵੀਜ਼ਾ ਅਰਜ਼ੀਆਂ ਵਿੱਚ ਅੰਤਰ ਪਾਇਆ। ਵਿਭਾਗ ਨੂੰ ਅਰਜ਼ੀਆਂ ਵਿੱਚ ਦਿੱਤੀ ਗਈ ਜਾਣਕਾਰੀ ਅਤੇ ਅਸਲ ਤੱਥਾਂ ਵਿੱਚ ਅੰਤਰ ਹੋਣ ਦਾ ਸ਼ੱਕ ਸੀ। ਫਿਰ ਕੇਸ ਨੂੰ ਓਮਾਰਾ ਨੂੰ ਭੇਜਿਆ ਗਿਆ, ਜਿਸਨੇ ਮਾਈਗ੍ਰੇਸ਼ਨ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਵਨੀਤ ਦੇ ਪੂਰੇ ਕਰੀਅਰ ਫਾਈਲਾਂ ਦੀ ਜਾਂਚ ਸ਼ੁਰੂ ਕਰ ਦਿੱਤੀ।
