ਬ੍ਰਿਸਬੇਨ (ਪੁਸ਼ਪਿੰਦਰ ਤੂਰ) – ਬੀਤੇ ਦਿਨੀਂ ਬ੍ਰਿਸਬੇਨ ਪਹੁੰਚਣ ’ਤੇ ਦਰੋਣਾਚਾਰੀਆ ਐਵਾਰਡੀ ਮਹਿੰਦਰ ਸਿੰਘ ਢਿੱਲੋਂ ਦਾ ਖੇਡ ਪ੍ਰੇਮੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਇਕਬਾਲ ਸਿੰਘ ਵੱਲੋਂ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿੱਥੇ ਉੱਘੀਆਂ ਸ਼ਖਸੀਅਤਾਂ ਅਤੇ ਖੇਡ ਪ੍ਰੇਮੀ ਕੋਚ ਢਿੱਲੋਂ ਸਾਹਿਬ ਨਾਲ ਰੂਬਰੂ ਹੋਏ।

ਜ਼ਿਕਰਯੋਗ ਹੈ ਕਿ ਉਹਨਾਂ ਨੇ ਭਾਰਤੀ ਐਥਲੈਟਿਕਸ ਨੂੰ ਕੌਮਾਂਤਰੀ ਪੱਧਰ ’ਤੇ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਵਾਲੇ ਉੱਘੇ ਕੋਚ ਹਨ। ਸਮਾਗਮ ਦੌਰਾਨ ਕੋਚ ਮਹਿੰਦਰ ਸਿੰਘ ਢਿੱਲੋਂ ਨੇ ਖੇਡ ਜਗਤ ਨਾਲ ਜੁੜੇ ਆਪਣੇ ਲੰਮੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕਰੀਬ 45 ਵਰ੍ਹੇ ਖਿਡਾਰੀਆਂ ਦੀ ਸਿਖਲਾਈ ਅਤੇ ਖੇਡ ਵਿਕਾਸ ਨੂੰ ਸਮਰਪਿਤ ਕੀਤੇ ਹਨ। ਉਨ੍ਹਾਂ ਨੇ ਖੇਡਾਂ ਵਿੱਚ ਸਫਲਤਾ ਹਾਸਲ ਕਰਨ ਲਈ ਸਖ਼ਤ ਮਿਹਨਤ, ਅਨੁਸ਼ਾਸਨ, ਲਗਨ ਅਤੇ ਲਗਾਤਾਰ ਅਭਿਆਸ ਨੂੰ ਸਭ ਤੋਂ ਅਹਿਮ ਦੱਸਿਆ।ਉਹਨਾ ਦੀ ਸਿਖਲਾਈ ਹੇਠ ਕਈ ਨਾਮਵਰ ਖਿਡਾਰੀਆਂ ਨੇ ਕੌਮਾਂਤਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਲਈ ਵੱਡੀਆਂ ਪ੍ਰਾਪਤੀਆਂ ਦਰਜ ਕੀਤੀਆਂ ਹਨ। ਕੋਚ ਢਿੱਲੋਂ ਨੂੰ ਭਾਰਤ ਸਰਕਾਰ ਵੱਲੋਂ ਸਾਲ 2019 ਵਿੱਚ ਵੱਕਾਰੀ ਦਰੋਣਾਚਾਰੀਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸੇ ਸਾਲ 2019 ਵਿੱਚ ਏਸ਼ੀਅਨ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ‘ਬੈਸਟ ਕੋਚ ਆਫ ਏਸ਼ੀਆ’ ਦੇ ਗਾਲਾ ਐਵਾਰਡ ਨਾਲ ਵੀ ਨਿਵਾਜਿਆ ਗਿਆ। ਇੱਥੇ ਉਹ ਗੋਲਡਕੋਸਟ ਵਿੱਚ ਹੋ ਰਹੀਆਂ ਖੇਡਾਂ ਵਿੱਚ ਵੀ ਸ਼ਿਰਕਤ ਕਰਨਗੇ।