ਬ੍ਰਿਸਬੇਨ (ਪੁਸ਼ਪਿੰਦਰ ਤੂਰ) – ਆਸਟ੍ਰੇਲੀਆ ਸਰਕਾਰ ਨੇ ਮਾਈਗ੍ਰੇਸ਼ਨ ਘਟਾਉਣ ਲਈ ਵੀਜ਼ਾ ਨਿਯਮਾਂ ਵਿੱਚ ਕਈ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਹੋਮ ਅਫੇਅਰਜ਼ ਮੰਤਰੀ ਟੋਨੀ ਬਰਕ ਨੇ ਕਿਹਾ ਕਿ ਇਨ੍ਹਾਂ ਤਬਦੀਲੀਆਂ ਦਾ ਮਕਸਦ ਆਸਟ੍ਰੇਲੀਆ ਦੇ ਮਾਈਗ੍ਰੇਸ਼ਨ ਪ੍ਰੋਗਰਾਮ ਵਿੱਚ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਾ ਅਤੇ ਸਰਕਾਰ ਨੂੰ ਮਾਈਗ੍ਰੇਸ਼ਨ ’ਤੇ ਵਧੇਰੇ ਕੰਟਰੋਲ ਦੇਣਾ ਹੈ। ਉਹਨਾਂ ਕਿਹਾ ਕਿ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਆਸਟ੍ਰੇਲੀਆ ਵਿੱਚ ਰਹਿਣ ਵਾਲਿਆਂ ਖ਼ਿਲਾਫ਼ ਕਾਰਵਾਈ ਹੋਰ ਸਖ਼ਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਸਟ੍ਰੇਲੀਆ ਲਿਆਉਣ ਦੇ ਨਿਯਮਾਂ ਨੂੰ ਵੀ ਸੀਮਤ ਕਰਨ ਦੀ ਯੋਜਨਾ ਹੈ ਪਰ ਵਿਦਿਆਰਥੀ ਵਲੋਂ ਆਪਣੇ ਜੀਵਨ ਸਾਥੀ ਨੂੰ ਬੁਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਬੈਕਪੈਕਰਾਂ, ਜੋ ਵਰਕਿੰਗ ਹੋਲੀਡੇ ਵੀਜ਼ਾ ਤੇ ਹਨ, ਉਹਨਾਂ ਲਈ ਵੀ ਆਸਟ੍ਰੇਲੀਆ ਵਿੱਚ ਰਹਿਣ ਦੀ ਮਿਆਦ ਨੂੰ ਸੀਮਤ ਕਰਨ ਦੇ ਬਦਲਾਅ ਕੀਤੇ ਜਾਣਗੇ। ਹੁਣ ਉਹਨਾਂ ਨੂੰ ਅਗਲੇ ਸਾਲ ਵੀਜ਼ਾ ਵਧਾਉਣ ਲਈ ਖ਼ਾਸ ਬੈਲਟ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਜਾਵੇਗੀ। ਮੰਤਰੀ ਟੋਨੀ ਬਰਕ ਨੇ ਸਰਕਾਰ ਨੇ ਇਸ ਸਾਲ ਲਈ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦਾ ਅੰਕੜਾ 2 ਲੱਖ 45 ਹਜ਼ਾਰ ਅਤੇ ਅਗਲੇ ਵਿੱਤੀ ਸਾਲ ਲਈ 2 ਲੱਖ 25 ਹਜ਼ਾਰ ਰੱਖਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਮਕਾਨਾਂ ਦੀ ਕਮੀ ਅਤੇ ਹਾਊਸਿੰਗ ਨਾਲ ਜੁੜੀਆਂ ਚੁਣੌਤੀਆਂ ਕਾਰਨ ਮਾਈਗ੍ਰੇਸ਼ਨ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ। ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਦੇ ਨਵੇਂ ਅੰਕੜਿਆਂ ਮੁਤਾਬਕ ਮਾਰਚ ਤੱਕ ਦੇ ਇੱਕ ਸਾਲ ਵਿੱਚ ਨੈੱਟ ਓਵਰਸੀਜ਼ ਮਾਈਗ੍ਰੇਸ਼ਨ 2 ਲੱਖ 92 ਹਜ਼ਾਰ 100 ਰਿਹਾ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੀ ਵਨ ਨੇਸ਼ਨ ਪਾਰਟੀ ਕਾਫ਼ੀ ਸਮੇਂ ਤੋਂ ਓਵਰਸੀਜ਼ ਮਾਈਗ੍ਰੇਸ਼ਨ ਦਾ ਵਿਰੋਧ ਕਰ ਰਹੀ ਹੈ। ਇਸ ਸਮੇਂ ਵੀ ਪਾਰਟੀ ਨੇ ਅਗਲੇ ਤਿੰਨ ਸਾਲਾਂ ਲਈ ਨੈਗੇਟਿਵ ਨੈੱਟ ਮਾਈਗ੍ਰੇਸ਼ਨ ਅਤੇ ਉਸ ਤੋਂ ਬਾਅਦ 1 ਲੱਖ 30 ਹਜ਼ਾਰ ਦਾ ਪੱਧਰ ਰੱਖਣ ਦੀ ਯੋਜਨਾ ਪੇਸ਼ ਕੀਤੀ ਹੈ। ਦੂਜੇ ਪਾਸੇ ਕੋਆਲੀਸ਼ਨ ਵੱਲੋਂ 1 ਲੱਖ 50 ਹਜ਼ਾਰ ਤੋਂ 1 ਲੱਖ 70 ਹਜ਼ਾਰ ਦੇ ਵਿਚਕਾਰ ਮਾਈਗ੍ਰੇਸ਼ਨ ਦਾ ਟੀਚਾ ਰੱਖਣ ਦੀ ਨੀਤੀ ’ਤੇ ਕੰਮ ਕੀਤਾ ਜਾ ਰਿਹਾ ਹੈ। ਹਾਲਾਂਕਿ ਕਿ ਅਜੇ ਤੱਕ ਕੋਈ ਖ਼ਾਸ ਸਮਾਂ ਨਿਸ਼ਚਿਤ ਨਹੀਂ ਕੀਤਾ ਗਿਆ ਪ੍ਰੰਤੂ ਜਲਦੀ ਹੀ ਇਸ ਦੇ ਲਾਗੂ ਹੋਣ ਦੀ ਸੰਭਾਵਨਾ ਹੈ।
