ਨਵੀਂ ਦਿੱਲੀ ( ਪੱਤਰ ਪ੍ਰੇਰਕ) – ਮਈ 2026 ਦੇ ਵਿਧਾਨ ਸਭਾ ਚੋਣ ਨਤੀਜਿਆਂ ਨੇ ਭਾਰਤ ਦੇ ਕਈ ਰਾਜਾਂ ਵਿੱਚ ਵੱਡੇ ਸਿਆਸੀ ਬਦਲਾਅ ਕੀਤੇ ਹਨ। ਪੱਛਮੀ ਬੰਗਾਲ ਵਿੱਚ ਇਸ ਵੇਲੇ ਵੱਡੀਆਂ ਸਿਆਸੀ ਅਤੇ ਸਮਾਜਿਕ ਤਬਦੀਲੀਆਂ ਹੋ ਰਹੀਆਂ ਹਨ। ਅਸਾਮ, ਤਾਮਿਲਨਾਡੂ ਅਤੇ ਪਾਂਡੀਚੇਰੀ ਦੇ ਤਾਜ਼ਾ ਨਤੀਜੇ ਆ ਚੁੱਕੇ ਹਨ। ਇਹਨਾਂ ਚੋਣਾਂ ਵਿੱਚ ਜੋ ਸਭ ਤੋਂ ਵੱਡਾ ਉਲਟਫੇਰ ਹੋਇਆ ਹੈ ਕਿ ਭਾਜਪਾ (BJP) ਨੇ ਪਹਿਲੀ ਵਾਰ ਬੰਗਾਲ ਵਿੱਚ ਇਤਿਹਾਸਕ ਜਿੱਤ ਦਰਜ ਕਰਦੇ ਹੋਏ 206 ਸੀਟਾਂ ਜਿੱਤੀਆਂ ਹਨ ਅਤੇ ਤ੍ਰਿਣਮੂਲ ਕਾਂਗਰਸ (TMC) ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਹੈ। ​ਮਮਤਾ ਬੈਨਰਜੀ ਦੀ ਹਾਰ: ਮੁੱਖ ਮੰਤਰੀ ਮਮਤਾ ਬੈਨਰਜੀ ਆਪਣੀ ਭਵਾਨੀਪੁਰ ਸੀਟ ਤੋਂ ਚੋਣ ਹਾਰ ਗਏ ਹਨ

ਅਸਾਮ ਵਿੱਚ ਭਾਜਪਾ ਦੀ ਅਗਵਾਈ ਵਾਲੇ ਗਠਜੋੜ (NDA) ਨੇ ਲਗਾਤਾਰ ਤੀਜੀ ਵਾਰ ਜਿੱਤ ਦਰਜ ਕਰਕੇ ਇਤਿਹਾਸ ਰਚ ਦਿੱਤਾ ਹੈ। ਕੁੱਲ 126 ਸੀਟਾਂ ਵਿੱਚੋਂ NDA ਨੇ 101 ਸੀਟਾਂ ਜਿੱਤੀਆਂ ਹਨ। ਭਾਜਪਾ ਨੇ ਇਕੱਲਿਆਂ 82 ਸੀਟਾਂ ਜਿੱਤੀਆਂ, ਜਦੋਂ ਕਿ ਉਸਦੇ ਸਹਿਯੋਗੀ ‘ਅਸੋਮ ਗਣ ਪਰਿਸ਼ਦ’ (AGP) ਅਤੇ ‘ਬੋਡੋਲੈਂਡ ਪੀਪਲਜ਼ ਫਰੰਟ’ (BPF) ਨੇ 10-10 ਸੀਟਾਂ ਜਿੱਤੀਆਂ। ਕਾਂਗਰਸ ਦੇ ਸੂਬਾ ਪ੍ਰਧਾਨ ਗੌਰਵ ਗੋਗੋਈ ਆਪਣੀ ਸੀਟ ਤੋਂ ਚੋਣ ਹਾਰ ਗਏ ਹਨ। ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਆਪਣੀ ਜਲੁਕਬਾਰੀ ਸੀਟ ਵੱਡੇ ਫਰਕ ਨਾਲ ਜਿੱਤ ਲਈ ਹੈ।

ਤਾਮਿਲਨਾਡੂ ਅਦਾਕਾਰ ਵਿਜੇ ਦਾ ਧਮਾਕੇਦਾਰ ਆਗਾਜ਼ ਹੋਇਆ ਜੋ ਸਭ ਤੋਂ ਵੱਡੀ ਖ਼ਬਰ ਹੈ। ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੀ ਪਾਰਟੀ TVK (Tamilaga Vettri Kazhagam) ਦੀ ਸ਼ਾਨਦਾਰ ਕਾਰਗੁਜ਼ਾਰੀ ਹੈ। TVK ਸੂਬੇ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ, ਜਿਸ ਨੇ ਲਗਭਗ 108 ਸੀਟਾਂ ਜਿੱਤੀਆਂ ਹਨ। ਸੱਤਾਧਾਰੀ DMK (ਐਮ.ਕੇ. ਸਟਾਲਿਨ ਦੀ ਪਾਰਟੀ) ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੁੱਖ ਮੰਤਰੀ ਐਮ.ਕੇ. ਸਟਾਲਿਨ ਆਪਣੀ ਕੋਲਾਥੁਰ ਸੀਟ ਤੋਂ TVK ਦੇ ਉਮੀਦਵਾਰ ਤੋਂ ਹਾਰ ਗਏ ਹਨ। ਇਸ ਜਿੱਤ ਨਾਲ ਤਾਮਿਲਨਾਡੂ ਵਿੱਚ ਦਹਾਕਿਆਂ ਤੋਂ ਚੱਲ ਰਹੇ DMK ਅਤੇ AIADMK ਦੇ ਦਬਦਬੇ ਨੂੰ ਇੱਕ ਨਵੀਂ ਚੁਣੌਤੀ ਮਿਲੀ ਹੈ। ਕੇਰਲਾ ਵਿੱਚ ਸੱਤਾ ਤੇ ਕਾਂਗਰਸ ਕਾਬਜ਼ ਰਹੇਗੀ।

ਪਾਂਡੀਚੇਰੀ ਵਿੱਚ ਵੀ NDA ਗਠਜੋੜ ਆਪਣੀ ਸੱਤਾ ਬਚਾਉਣ ਵਿੱਚ ਕਾਮਯਾਬ ਰਿਹਾ ਹੈ। 30 ਮੈਂਬਰੀ ਵਿਧਾਨ ਸਭਾ ਵਿੱਚ NDA ਨੇ ਬਹੁਮਤ ਦਾ ਅੰਕੜਾ ਪਾਰ ਕਰਦਿਆਂ 18 ਸੀਟਾਂ ਜਿੱਤੀਆਂ ਹਨ। ਮੁੱਖ ਆਗੂ ਮੁੱਖ ਮੰਤਰੀ ਐਨ. ਰੰਗਾਸਾਮੀ (AINRC) ਆਪਣੀਆਂ ਦੋਵੇਂ ਸੀਟਾਂ ਤੋਂ ਜੇਤੂ ਰਹੇ ਹਨ। ਪਾਰਟੀ AINRC ਨੇ 12 ਅਤੇ ਭਾਜਪਾ ਨੇ 4 ਸੀਟਾਂ ਜਿੱਤੀਆਂ ਹਨ, ਬਾਕੀ ਸੀਟਾਂ ਹੋਰ ਸਹਿਯੋਗੀ ਪਾਰਟੀਆਂ ਦੇ ਹਿੱਸੇ ਆਈਆਂ ਹਨ। ਕੁਲ ਮਿਲਾ ਕੇ ਜਿੱਥੇ ਪੱਛਮੀ ਬੰਗਾਲ ਵਿੱਚ BJP ਪਹਿਲੀ ਵਾਰ ਸੱਤਾ ਵਿੱਚ ਆਈ ਹੈ ਉੱਥੇ ਅਸਾਮ ਅਤੇ ਪਾਂਡੀਚੇਰੀ ਵਿੱਚ ਪੁਰਾਣੀ ਸਰਕਾਰਾਂ (NDA) ਵਾਪਸ ਆਈਆਂ ਹਨ। ਤਾਮਿਲਨਾਡੂ ਵਿੱਚ ਵਿਜੇ ਦੀ ਪਾਰਟੀ ਨੇ ਪੂਰੀ ਸਿਆਸੀ ਤਸਵੀਰ ਬਦਲ ਦਿੱਤੀ ਹੈ।