ਬ੍ਰਿਸਬੇਨ (ਪੁਸ਼ਪਿੰਦਰ ਤੂਰ) – ਇਪਸਾ ਵੱਲੋਂ ਕਰਵਾਇਆ ਗਿਆ ਪਹਿਲਾ ਦੋ ਦਿਨਾਂ ਟੂਰਨਾਮੈਂਟ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਸੰਪੰਨ ਹੋਇਆ। ਇਸ ਟੂਰਨਾਮੈਂਟ ਵਿੱਚ ਜੂਨੀਅਰ, ਇੰਟਰਮੀਡੀਏਟ ਅਤੇ ਸੀਨੀਅਰ ਵਰਗਾਂ ਵਿੱਚ ਸੌਕਰ ਅਤੇ ਕਬੱਡੀ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਸੀਪ ਦੇ ਮੁਕਾਬਲਿਆਂ ਵਿੱਚ ਵੀ ਨੋਜਵਾਨਾਂ ਅਤੇ ਬਜ਼ੁਰਗਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਟੂਰਨਾਮੈਂਟ ਵਿੱਚ ਬ੍ਰਿਸਬੇਨ ਦੇ ਲੱਗਭਗ 50 ਤੋਂ ਵੱਧ ਕਲੱਬਾਂ ਅਤੇ ਟੀਮਾਂ ਨੇ ਭਾਗ ਲਿਆ। ਇਸ ਵਿਸ਼ਾਲ ਟੂਰਨਾਮੈਂਟ ਦੇ ਦੂਜੇ ਦਿਨ ਲੱਗਭਗ 2000 ਤੋਂ ਵੱਧ ਦਰਸ਼ਕਾਂ ਨੇ ਟੂਰਨਾਮੈਂਟ ਦਾ ਅਨੰਦ ਮਾਣਿਆ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਇਹ ਇੱਕ ਕੇਵਲ ਟੂਰਨਾਮੈਂਟ ਨਹੀਂ ਸੀ, ਖੇਡਾਂ ਤੋਂ ਇਲਾਵਾ ਇਸ ਵਿੱਚ ਸੱਭਿਆਚਾਰਕ ਅਤੇ ਸਾਹਿਤਿਕ ਗਤੀਵਿਧੀਆਂ ਵੀ ਆਕਰਸ਼ਣ ਦਾ ਕੇਂਦਰ ਬਣੇ। ਇਪਸਾ ਦੇ ਭੰਗੜਾ ਗਰੁੱਪ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਪਸਾ ਲਾਇਬ੍ਰੇਰੀ ਵਲੋਂ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਦੇ ਉਦੇਸ਼ ਨਾਲ ਇੱਕ ਕਿਤਾਬ ਕੇਂਦਰ ਦਾ ਸਟਾਲ ਲਾਇਆ ਗਿਆ। ਪ੍ਰਸਿੱਧ ਚਿੱਤਰਕਾਰ ਅਮਰ ਸਿੰਘ ਜੋ “ਅਮਰ ਆਰਟਿਸਟ” ਦੇ ਨਾਮ ਨਾਲ ਜਾਣੇ ਜਾਂਦੇ ਹਨ, ਨੇ ਆਪਣੀ ਚਿਤਰਕਾਰੀ ਦਾ ਵਿਸ਼ੇਸ਼ ਪ੍ਰਦਰਸ਼ਨੀ ਲਗਾਈ। ਇਸ ਮੌਕੇ ਜਾਣੇ ਪਹਿਚਾਣੇ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਉਚੇਚੇ ਤੌਰ ਤੇ ਸ਼ਾਮਿਲ ਹੋਏ ਅਤੇ ਅਪਣੇ ਗੀਤਾਂ ਨਾਲ ਰੰਗ ਬੰਨ੍ਹਿਆ। ਇਪਸਵਿੱਚ ਦੇ ਮੇਅਰ ਸ੍ਰੀ ਸ਼ੇਨ ਨਿਊਮੈਨ ਨੇ ਵੀ ਵਿਸ਼ੇਸ਼ ਸ਼ਿਰਕਤ ਕੀਤੀ।

ਟੂਰਨਾਮੈਂਟ ਦੌਰਾਨ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ, ਟੀਮ ਵਰਕ ਅਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ । ਕੁਝ ਚੋਣਵੇਂ ਸੌਕਰ ਮੁਕਾਬਲਿਆਂ ਦੇ ਇੰਟਰਮੀਡੀਏਟ ਵਰਗ ਵਿੱਚ ਅੰਡਰ-12 ਮਿਕਸਡ ਵਿੱਚ ਸਿੰਘ ਸਭਾ ਬ੍ਰਿਸਬੇਨ ਜੇਤੂ BYSC ਰਨਰ-ਅਪ ਰਹੀ। ਅੰਡਰ-14 ਮਿਕਸਡ ਵਿੱਚ BPCC ਜੇਤੂ ਅਤੇ ਸਿੰਘ ਸਭਾ ਬ੍ਰਿਸਬੇਨ ਰਨਰ-ਅਪ ਰਹੀ। ਅੰਡਰ-16 ਮਿਕਸਡ ਵਿੱਚ ਨਿਊਫਾਰਮ ਜੇਤੂ ਰਨਰ-ਅਪ ਰਹੀ ਇਪਸਾ। ਜੂਨੀਅਰ ਵਰਗ ਅੰਡਰ 6 ਮਿਕਸਡ ਵਿੱਚ ਫਾਈਵ ਰਿਵਰ ਜੇਤੂ ਅਤੇ BYSC ਰਨਰ-ਅਪ ਰਹੀ। ਅੰਡਰ 8 ਮਿਕਸਡ ਵਿੱਚ ਜੇਤੂ BPCC ਅਤੇ ਰਨਰ-ਅਪ ਫਾਈਵ ਰਿਵਰ ਰਹੀ। ਅੰਡਰ 10 ਮਿਕਸਡ ਵਿੱਚ ਜੇਤੂ ਨਿਊਫਾਰਮ ਅਤੇ ਰਨਰ-ਅਪ ਸਿੰਘ ਸਭਾ ਬ੍ਰਿਸਬੇਨ ਰਹੀ। ਓਪਨ ਅਤੇ ਓਵਰ-40 ਵਰਗ ਓਪਨ ਮੈਨ ਵਿੱਚ ਜੇਤੂ – ਸਿੰਘ ਸਭਾ ਬ੍ਰਿਸਬੇਨ, ਰਨਰ-ਅਪ BPCC ਰਹੀ। ਓਵਰ-40 ਮੈਨ ਵਿੱਚ ਜੇਤੂ GCPC,ਅਤੇ ਰਨਰ-ਅਪ BPCC (B) ਰਹੀ। ਇਸੇ ਤਰ੍ਹਾਂ ਗਰਲਜ਼ ਵਰਗ ਅੰਡਰ-11 ਗਰਲਜ਼ ਵਿੱਚ ਜੇਤੂ ਨਿਊਫਾਰਮ ਅਤੇ ਰਨਰ-ਅਪ ਇਪਸਾ ਰਹੀ। ਅੰਡਰ-13 ਵਿੱਚ ਜੇਤੂ ਨਿਊਫਾਰਮ ਅਤੇ ਰਨਰ-ਅਪ ਰਹੀ ਸਿੰਘ ਸਭਾ ਬ੍ਰਿਸਬੇਨ। ਅੰਡਰ-15 ਵਿੱਚ ਜੇਤੂ ਨਿਊਫਾਰਮ ਅਤੇ ਰਨਰ-ਅਪ ਫਾਈਵ ਰਿਵਰ ਰਹੀ। ਇਸ ਮੌਕੇ ਵਿਸ਼ੇਸ਼ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਅਤੇ ਕਲੱਬਾਂ ਦਾ ਖ਼ਾਸ ਸਨਮਾਨ ਕੀਤਾ ਗਿਆ ਜਿਸ ਵਿੱਚ “ਪਲੇਅਰ ਆਫ ਦਾ ਯੀਅਰ” ਅੰਡਰ 12 ਵਿੱਚ ਸ਼ਨਾਇਆ ਕੌਰ ਸੰਧੂ ਅਤੇ 12 ਸਾਲ ਤੋਂ ਉੱਪਰ ਅਰਆਨਾ ਕੌਰ ਸੰਧੂ ਨੂੰ ਦਿੱਤਾ ਗਿਆ। ਇਸੇ ਤਰ੍ਹਾਂ ਓਵਰਆਲ ਚੈਂਪੀਅਨ ਟਰਾਫੀ ਤੇ 1000 ਡਾਲਰ ਦਾ ਨਕਦ ਇਨਾਮ ਨਿਊ ਫਾਰਮ ਪੰਜਾਬੀ ਕਲੱਬ ਨੂੰ ਬਿਹਤਰੀਨ ਪ੍ਰਦਰਸ਼ਨ ਲਈ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਖੇਡ ਸਮਾਗਮ ਨੌਜਵਾਨਾਂ ਵਿੱਚ ਖੇਡ ਪ੍ਰਤੀ ਰੁਚੀ ਵਧਾਉਣ ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਗੁਰੂ ਦਾ ਲੰਗਰ ਇਸ ਸਮੇਂ ਅਤੁੱਟ ਵਰਤਾਇਆ ਗਿਆ। ਇਸ ਤੋਂ ਇਲਾਵਾ ਜ਼ਿੰਦਗੀ ਭਰ ਦੀਆਂ ਪ੍ਰਾਪਤੀਆਂ ਲਈ ਬਲਦੇਵ ਨਿੱਜਰ (ਕਬੱਡੀ), ਜਸਪਾਲ ਬਿਨਿੰਗ (ਫੁੱਟਬਾਲ) ਅਤੇ  ਪਰਵੀ ਸਿੰਘ (ਖੇਡ ਪ੍ਰਬੰਧ) ਲਈ ਵਿਸ਼ੇਸ਼ ਸਨਮਾਨ ਦਿੱਤੇ ਗਏ ਕਲੱਬ ਦੇ ਪ੍ਰਬੰਧਕਾਂ ਸਮੇਤ ਸਰਬਜੀਤ ਸੋਹੀ ਨੇ ਸਾਰੇ ਖਿਡਾਰੀਆਂ, ਕੋਚਾਂ, ਵਲੰਟੀਅਰਾਂ ਅਤੇ ਭਾਗ ਲੈਣ ਵਾਲੀਆਂ ਟੀਮਾਂ ਦਾ ਧੰਨਵਾਦ ਕੀਤਾ ਅਤੇ ਅਗਲੇ ਸਾਲ ਹੋਰ ਬਿਹਤਰ ਬਣਾਉਣ ਦੇ ਵਾਅਦੇ ਨਾਲ ਅਮਿੱਟ ਛਾਪ ਛੱਡਦਾ ਸੰਪੰਨ ਹੋਇਆ।