ਬ੍ਰਿਸਬੇਨ (ਪੁਸ਼ਪਿੰਦਰ ਤੂਰ) – “ਰੰਗਲਾ ਪੰਜਾਬ” ਵਲੋਂ ਬ੍ਰਿਸਬੇਨ ਵਿੱਚ ਬ੍ਰਿਸਬੇਨ ਭੰਗੜਾ ਕੱਪ 8 ਅਗਸਤ ਨੂੰ ਬੜੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਬੀਤੇ ਐਤਵਾਰ ਨੂੰ ਭੰਗੜਾ ਕੱਪ ਦਾ ਪੋਸਟਰ ਲੋਕ ਅਰਪਣ ਕੀਤਾ ਗਿਆ। ਗੱਲਬਾਤ ਕਰਦਿਆਂ ਆਯੋਜਕਾਂ, ਮਲਕੀਤ ਧਾਲੀਵਾਲ ਅਤੇ ਲਖਵੀਰ ਬੱਲ ਨੇ ਕਿਹਾ ਹੁਣ ਤੱਕ 50 ਤੋਂ ਵੱਧ ਰਜਿਸਟ੍ਰੇਸ਼ਨ ਹੋ ਚੁੱਕੀਆਂ ਹਨ ਅਤੇ ਲਗਾਤਾਰ ਹੋ ਰਹੀਆਂ। ਚਾਹਵਾਨ ਰਜਿਸਟ੍ਰੇਸ਼ਨ ਕਰਵਾਉਣ ਜਾਂ ਜਾਣਕਾਰੀ ਲੈਣ ਲਈ ਉਹਨਾਂ ਨਾਲ਼ ਸੰਪਰਕ ਕਰ ਸਕਦੇ ਹਨ।
ਇਸ ਰੰਗਾਰੰਗ ਸਮਾਗਮ ਵਿੱਚ ਭੰਗੜਾ ਟੀਮਾਂ ਆਪਣੀ ਕਲਾ, ਜੋਸ਼ ਅਤੇ ਪੰਜਾਬੀ ਸਭਿਆਚਾਰ ਦੀ ਸ਼ਾਨ ਪੇਸ਼ ਕਰਨਗੀਆਂ। ਇਹ ਸਮਾਗਮ ਸਿਰਫ਼ ਇੱਕ ਮੁਕਾਬਲਾ ਨਹੀਂ, ਸਗੋਂ ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਮੰਚ ਦੇਣ ਦਾ ਵਿਸ਼ੇਸ਼ ਉਪਰਾਲਾ ਹੈ। ਦਰਸ਼ਕਾਂ ਨੂੰ ਰੌਣਕਾਂ ਭਰਿਆ ਮਾਹੌਲ, ਧਮਾਕੇਦਾਰ ਪਰਫਾਰਮੈਂਸਾਂ ਅਤੇ ਪੰਜਾਬੀ ਰੰਗ ਦੇਖਣ ਨੂੰ ਮਿਲਣਗੇ। ਇਸ ਮੌਕੇ ਤੇ ਪੰਜਾਬੀ ਭਾਈਚਾਰੇ ਦੀਆਂ ਮਾਈਨਾਜ਼ ਸ਼ਖ਼ਸੀਅਤਾਂ ਸ਼ਾਮਿਲ ਹੋਣਗੀਆਂ। ਮੁਕਾਬਲਿਆਂ ਦੇ ਸਪੱਸ਼ਟ ਨਤੀਜਿਆਂ ਲਈ ਕਾਬਿਲ ਜੱਜ ਹਾਜ਼ਰ ਹੋਣਗੇ। ਬ੍ਰਿਸਬੇਨ ਭੰਗੜਾ ਕੱਪ 2026 ਨੂੰ ਲੈ ਕੇ ਹੁਣ ਤੋਂ ਹੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
