ਬ੍ਰਿਸਬੇਨ (ਪੁਸ਼ਪਿੰਦਰ ਤੂਰ) – ਬ੍ਰਿਸਬੇਨ ਦੇ ਇੰਡੋਜ਼ ਸਿੱਖ ਕਮਿਊਨਿਟੀ ਸੈਂਟਰ ਇਨਾਲਾ ਵਿਖੇ ਇੰਡੋਜ਼ ਥੀਏਟਰ ਅਤੇ ਇੰਡੋਜ਼ ਟੀਵੀ ਵੱਲੋਂ ਸਾਹਿਤਕ ਅਤੇ ਸੱਭਿਆਚਾਰਕ ਸਮਾਗਮ ‘ਸ਼ਬਦਾਂ ਦੀ ਸਾਂਝ’ ਬਹੁਤ ਹੀ ਰੌਣਕਮਈ ਅਤੇ ਯਾਦਗਾਰ ਢੰਗ ਨਾਲ ਕਰਵਾਇਆ ਗਿਆ। ਜਿੱਥੇ ਪੰਜਾਬੀ ਭਾਈਚਾਰੇ ਵੱਲੋਂ ਇਸ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਮਿਲਿਆ ਉੁੱਥੇ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀਆਂ, ਕਵੀਆਂ, ਗੀਤਕਾਰਾਂ ਅਤੇ ਗਾਇਕਾਂ ਨੇ ਹਾਜ਼ਰੀ ਭਰੀ। ਪ੍ਰੋਗਰਾਮ ਦੌਰਾਨ ਗਾਇਕ ਦਵਿੰਦਰ ਸੰਨੀ, ਪੁਸ਼ਪਿੰਦਰ ਤੂਰ, ਜਸਵੰਤ ਵਾਘਲਾ, ਹਰਜਿੰਦ ਕੌਰ ਮਾਂਗਟ, ਨਵੀ ਥਿੰਡ, ਸਰਬਜੀਤ ਸੋਹੀ, ਆਤਮਾ ਹੇਅਰ, ਹਰਜੀਤ ਸੰਧੂ, ਰਵਿੰਦਰ ਨਾਗਰਾ, ਬਿਵਾ ਦਾਸ ਸਿੰਘ, ਪ੍ਰਿਤਪਾਲ ਸਿੰਘ, ਰੱਤੂ ਰੰਧਾਵਾ, ਮੁਹੰਮਦ ਨਦੀਮ ਅਕਰਮ, ਹਾਫਿਜ ਸੁਹੇਲ ਰਾਣਾ ਅਤੇ ਨਿਰਮਲ ਸਿੰਘ ਦਿਓਲ ਆਦਿ ਨੇ ਹਾਜ਼ਰੀ ਭਰੀ ਅਤੇ ਆਪਣੀਆਂ ਸੁੰਦਰ ਰਚਨਾਵਾਂ, ਗ਼ਜ਼ਲਾਂ ਅਤੇ ਗੀਤ ਪੇਸ਼ ਕਰਕੇ ਸਰੋਤਿਆਂ ਦਾ ਮਨ ਮੋਹਿਆ। ਸਮਾਜਿਕ ਮੁੱਦਿਆਂ, ਪੰਜਾਬੀ ਸੱਭਿਆਚਾਰ, ਪਿਆਰ, ਵਿਛੋੜੇ ਅਤੇ ਮਨੁੱਖੀ ਭਾਵਨਾਵਾਂ ਨਾਲ ਜੁੜੀਆਂ ਰਚਨਾਵਾਂ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ। ਕਈ ਉਭਰਦੇ ਕਲਾਕਾਰਾਂ ਨੂੰ ਵੀ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ। ਇਸ ਮੌਕੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੰਗੀਤ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਹਸਤੀਆਂ ਨੂੰ ‘ਪ੍ਰਸ਼ੰਸਾ ਪੁਰਸਕਾਰ’ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਪੰਜਾਬੀ ਗੀਤਕਾਰੀ ਅਤੇ ਸਾਹਿਤ ਦੀ ਸੇਵਾ ਲਈ ਨਿਰਮਲ ਸਿੰਘ ਦਿਓਲ ਅਤੇ ਰੱਟੂ ਰੰਧਾਵਾ ਨੂੰ ਸਨਮਾਨਿਤ ਕੀਤਾ ਗਿਆ, ਜਦਕਿ ਪੰਜਾਬੀ ਸੰਗੀਤ ਅਤੇ ਆਪਣੀ ਸੁਰੀਲੀ ਆਵਾਜ਼ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਗਾਇਕ ਦਵਿੰਦਰ ਸੰਨੀ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਮੰਚ ਸੰਚਾਲਨ ਰਸ਼ਪਾਲ ਹੇਅਰ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਸਮੁੱਚੇ ਪ੍ਰੋਗਰਾਮ ਨੂੰ ਬੜੀ ਰਵਾਨਗੀ ਨਾਲ ਅੱਗੇ ਵਧਾਇਆ, ਜਿਸ ਦੀ ਹਾਜ਼ਰੀਨਾਂ ਵੱਲੋਂ ਖੂਬ ਪ੍ਰਸ਼ੰਸਾ ਕੀਤੀ ਗਈ। ਸਮਾਗਮ ਦੌਰਾਨ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਪ੍ਰੋਤਸਾਹਿਤ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਆਏ ਹੋਏ ਮਹਿਮਾਨਾਂ ਅਤੇ ਕਲਾਕਾਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਾਹਿਤਕ ਸਮਾਗਮ ਜਾਰੀ ਰੱਖਣ ਦੀ ਗੱਲ ਆਖੀ ਗਈ। ਸਮਾਗਮ ਮਗਰੋਂ ਸਾਰੇ ਹਾਜ਼ਰੀਨਾਂ ਲਈ ਖਾਣ-ਪੀਣ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।