ਚੰਡੀਗੜ੍ਹ (ਸਟਾਫ਼ ਰਿਪੋਰਟਰ) – ਦਿੱਲੀ ਕੈਪੀਟਲਜ਼ ਨੇ ਪੰਜਾਬ ਕਿੰਗਜ਼ ਵਿਚਾਲੇ ਖੇਡੇ ਗਏ ਧਰਮਸ਼ਾਲਾ ਵਿੱਚ ਆਈਪੀਐਲ 2026 ਦੇ ਇੱਕ ਰੋਮਾਂਚਕ ਮੁਕਾਬਲੇ ਵਿੱਚ ਦਿੱਲੀ ਕੈਪੀਟਲਜ਼ ਨੇ ਪੰਜਾਬ ਕਿੰਗਜ਼ ਨੂੰ 3 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਹਾਰ ਦੇ ਨਾਲ ਹੀ ਪੰਜਾਬ ਕਿੰਗਜ਼ ਦੀ ਮੁਸ਼ਕਿਲਾਂ ਵਧ ਗਈਆਂ ਹਨ। ਪੰਜਾਬ ਕਿੰਗਜ਼ ਦੀ ਇਹ ਲਗਾਤਾਰ ਚੌਥੀ ਹਾਰ ਹੈ। ਮੈਚ ਵਿਚ ਟਾਸ ਜਿੱਤ ਕੇ ਦਿੱਲੀ ਕੈਪੀਟਲਜ਼ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪੰਜਾਬ ਕਿੰਗਜ਼ ਦੀ ਸ਼ੁਰੂਆਤ ਕਾਫੀ ਹਮਲਾਵਰ ਰਹੀ। ਸਲਾਮੀ ਬੱਲੇਬਾਜ਼ ਪ੍ਰਿਆਂਸ਼ ਆਰੀਆ ਨੇ ਮਹਿਜ਼ 24 ਗੇਂਦਾਂ ਵਿੱਚ ਅਰਧ ਸੈਂਕੜਾ ਜੜਿਆ ਅਤੇ ਕੁੱਲ 56 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸ਼੍ਰੇਅਸ ਅਈਅਰ ਨੇ ਨਾਬਾਦ 59 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਨ੍ਹਾਂ ਪਾਰੀਆਂ ਦੇ ਦਮ ‘ਤੇ ਪੰਜਾਬ ਨੇ 5 ਵਿਕਟਾਂ ਦੇ ਨੁਕਸਾਨ ‘ਤੇ 210 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। 211 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਸ਼ੁਰੂਆਤ ਖਰਾਬ ਰਹੀ ਅਤੇ ਕੇਐਲ ਰਾਹੁਲ ਵਰਗੇ ਦਿੱਗਜ ਬੱਲੇਬਾਜ਼ ਫਲਾਪ ਰਹੇ। ਪਰ ਅਕਸ਼ਰ ਪਟੇਲ ਨੇ ਮੋਰਚਾ ਸੰਭਾਲਿਆ ਅਤੇ 30 ਗੇਂਦਾਂ ਵਿੱਚ 56 ਦੌੜਾਂ ਦੀ ਤੇਜ਼ ਪਾਰੀ ਖੇਡੀ। ਉਨ੍ਹਾਂ ਤੋਂ ਬਾਅਦ ਡੇਵਿਡ ਮਿਲਰ ਨੇ 28 ਗੇਂਦਾਂ ਵਿੱਚ 4 ਛੱਕਿਆਂ ਦੀ ਮਦਦ ਨਾਲ 51 ਦੌੜਾਂ ਬਣਾ ਕੇ ਦਿੱਲੀ ਨੂੰ ਜਿੱਤ ਦੇ ਨੇੜੇ ਪਹੁੰਚਾਇਆ। ਆਸ਼ੂਤੋਸ਼ ਸ਼ਰਮਾ (24 ਦੌੜਾਂ), ਮਾਧਵ ਤਿਵਾਰੀ (18 ਦੌੜਾਂ) ਅਤੇ ਆਕਿਬ (10 ਦੌੜਾਂ) ਨੇ ਤੂਫਾਨੀ ਬੱਲੇਬਾਜ਼ੀ ਕਰਦਿਆਂ ਦਿੱਲੀ ਨੂੰ ਆਖਰੀ ਓਵਰ ਵਿੱਚ ਜਿੱਤ ਦਿਵਾਈ। ਪੰਜਾਬ ਦੇ ਗੇਂਦਬਾਜ਼ ਦਿੱਲੀ ਦੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੂੰ ਰੋਕਣ ਵਿੱਚ ਨਾਕਾਮ ਰਹੇ। ਇਸ ਹਾਰ ਤੋਂ ਬਾਅਦ ਪੰਜਾਬ ਕਿੰਗਜ਼ ਦੀ ਚਿੰਤਾ ਵਧ ਗਈ ਹੈ।
