ਕੈਂਬਰਾ (ਏਜੰਸੀਆ) – ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸਬੰਧ ਹੋਰ ਮਜ਼ਬੂਤ ਹੋਣਗੇ। ਆਸਟ੍ਰੇਲੀਆ ਸਰਕਾਰ ਨੇ ਸਾਲ 2026-27 ਦੇ ਬਜਟ ‘ਚ ਭਾਰਤ ਨਾਲ ਆਪਣੇ ਆਰਥਿਕ, ਰਣਨੀਤਕ ਵਪਾਰ ਲਈ 25.3 ਮਿਲੀਅਨ ਡਾਲਰ ਦੀ ਰਾਸ਼ੀ ਰੱਖੀ ਹੈ। ਇਸ ਦਾ ਮੁੱਖ ਮਕਸਦ ਆਸਟ੍ਰੇਲੀਆਈ ਕਾਰੋਬਾਰਾਂ ਨੂੰ ਭਾਰਤ ਦੇ ਵਧਦੇ ਬਾਜ਼ਾਰ ਤੱਕ ਪਹੁੰਚ ਬਣਾਉਣ ਵਿੱਚ ਮਦਦ ਕਰਨਾ, ਨਵੇਂ ਖੇਤਰਾਂ ਨੂੰ ਉਤਸ਼ਾਹਿਤ ਕਰਨਾ ਤੇ ਹਿੰਦ ਮਹਾਂਸਾਗਰ ‘ਚ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ। ਆਸਟ੍ਰੇਲੀਆਈ ਕੰਪਨੀਆਂ ਹੁਣ ਇੰਡੋ-ਪੈਸੀਫਿਕ ਖੇਤਰ ‘ਚ ਆਪਣੇ ਵਪਾਰਕ ਸਬੰਧਾਂ ਨੂੰ ਵਧਾਉਣ ਤੇ ਬਾਜ਼ਾਰਾਂ ‘ਚ ਵਿਭਿੰਨਤਾ ਲਿਆਉਣ ਵੱਲ ਦੇਖ ਰਹੀਆਂ ਹਨ। ਵਿਸ਼ਵਵਿਆਪੀ ਚੁਣੌਤੀਆਂ ਦਰਮਿਆਨ ਮਜ਼ਬੂਤ ਹੁੰਦੀ ਦੋਸਤ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਕਿ ਇਹ ਬਜਟ ਖੇਤਰੀ ਸਥਿਰਤਾ ਅਤੇ ਲੰਬੇ ਸਮੇਂ ਦੀ ਸਾਂਝੇਦਾਰੀ ‘ਤੇ ਕੇਂਦਰਿਤ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ‘ਤੇ ਮੌਜੂਦ ਅਨਿਸ਼ਚਿਤਤਾ ਦੇ ਸਮੇਂ ‘ਚ ਆਸਟ੍ਰੇਲੀਆ ਇੱਕ ਅਜਿਹਾ ਭਰੋਸੇਮੰਦ ਭਾਈਵਾਲ ਬਣਿਆ ਰਹੇਗਾ, ਜਿਸ ‘ਤੇ ਖੇਤਰ ਭਰੋਸਾ ਕਰ ਸਕਦਾ ਹੈ। ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਮੱਧ ਪੂਰਬ ਵਿੱਚ ਸੰਘਰਸ਼ ਕਾਰਨ ਸਹਾਇਤਾ ਵਿੱਚ ਕਟੌਤੀ, ਵਪਾਰਕ ਰੁਕਾਵਟਾਂ ਅਤੇ ਊਰਜਾ ਅਸੁਰੱਖਿਆ ਵਰਗੀਆਂ ਚੁਣੌਤੀਆਂ ਵਿਕਾਸ ਵਿੱਚ ਰੁਕਾਵਟ ਬਣ ਸਕਦੀਆਂ ਹਨ।
ਭਾਰਤ ਤੇ ਆਸਟ੍ਰੇਲੀਆ ਦਰਮਿਆਨ ਹੋਏ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ਦੇ ਚਾਰ ਸਾਲ ਪੂਰੇ ਹੋ ਚੁੱਕੇ ਹਨ, ਜਿਸ ਨੇ ਦੋਵਾਂ ਦੇਸ਼ਾਂ ਦੇ ਵਪਾਰ ਨੂੰ ਨਵੀਂਆਂ ਉਚਾਈਆਂ ‘ਤੇ ਪਹੁੰਚਾਇਆ ਹੈ। ਅੰਕੜਿਆਂ ਅਨੁਸਾਰ ਭਾਰਤ ਤੋਂ ਆਸਟ੍ਰੇਲੀਆ ਨੂੰ ਹੋਣ ਵਾਲਾ ਨਿਰਯਾਤ ਸਾਲ 2020-21 ਵਿੱਚ 4 ਬਿਲੀਅਨ ਡਾਲਰ ਸੀ, ਜੋ 2024-25 ਵਿੱਚ ਵਧ ਕੇ 8.5 ਬਿਲੀਅਨ ਡਾਲਰ ਹੋ ਗਿਆ ਹੈ। ਸਾਲ 2024-25 ਵਿੱਚ ਕੁੱਲ ਦੁਵੱਲਾ ਵਪਾਰ 24.1 ਬਿਲੀਅਨ ਡਾਲਰ ਰਿਹਾ। 1 ਜਨਵਰੀ 2026 ਤੋਂ ਸਾਰੀਆਂ ਭਾਰਤੀ ਵਸਤੂਆਂ ਦੇ ਨਿਰਯਾਤ ਲਈ ਆਸਟ੍ਰੇਲੀਆਈ ਬਾਜ਼ਾਰ ਵਿੱਚ ਜ਼ੀਰੋ-ਡਿਊਟੀ ਲਾਗੂ ਹੋ ਗਈ ਹੈ। ਇਹ ਵਧਦਾ ਸਹਿਯੋਗ ਵਪਾਰ ਤੋਂ ਇਲਾਵਾ ਸਿੱਖਿਆ, ਸਵੱਛ ਊਰਜਾ, ਤਕਨਾਲੋਜੀ ਅਤੇ ਰੱਖਿਆ ਵਰਗੇ ਅਹਿਮ ਖੇਤਰਾਂ ਵਿੱਚ ਵੀ ਫੈਲ ਰਿਹਾ ਹੈ। ਭਵਿੱਖ ਵਿੱਚ ਇਹ ਵਪਾਰ ਦਰ ਹੋਰ ਵਧਣ ਦੀ ਸੰਭਾਵਨਾ ਜਿਤਾਈ ਗਈ ਹੈ।
