ਬ੍ਰਿਸਬੇਨ ( ਪੁਸ਼ਪਿੰਦਰ ਤੂਰ) – ਪੰਜਾਬੀ ਗਾਇਕੀ ਦੇ ਮਸ਼ਹੂਰ ਸਿਤਾਰੇ ਰਣਜੀਤ ਬਾਵਾ ਦਾ ਆਸਟ੍ਰੇਲੀਆ-ਨਿਊਜ਼ੀਲੈਂਡ ਟੂਰ ਇਸ ਵੇਲੇ ਪੰਜਾਬੀ ਭਾਈਚਾਰੇ ਵਿੱਚ ਖਾਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਪਣੇ ਲੋਕ ਗੀਤਾਂ, ਦਮਦਾਰ ਆਵਾਜ਼ ਅਤੇ ਮਿੱਟੀ ਨਾਲ ਜੁੜੇ ਅੰਦਾਜ਼ ਕਰਕੇ ਜਾਣੇ ਜਾਂਦੇ ਰਣਜੀਤ ਬਾਵਾ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ਅਤੇ ਐਡੀਲੇਡ ਵਿੱਚ ਸ਼ੋਆਂ ਵਿੱਚ ਨੂੰ ਭਾਰੀ ਸਮਰਥਨ ਮਿਲਿਆ।
ਬ੍ਰਿਸਬੇਨ ਵਿੱਚ ਸ਼ੋਅ ਕੱਲ੍ਹ ਨੂੰ ਹੋਵੇਗਾ। ਟਿਕਟਾਂ ਲਈ ਪ੍ਰਸ਼ੰਸਕਾਂ ਵਿੱਚ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਰਣਜੀਤ ਬਾਵਾ ਦੇ ਟੂਰ ਦੌਰਾਨ ਸ਼ਹਿਰਾਂ ਵਿੱਚ ਵੱਡੇ ਪੱਧਰ ‘ਤੇ ਪੰਜਾਬੀ ਭਾਈਚਾਰਾ ਇਕੱਠਾ ਹੋ ਰਿਹਾ ਹੈ। ਹਰ ਸ਼ੋਅ ਵਿੱਚ ਦਰਸ਼ਕਾਂ ਵੱਲੋਂ ਭੰਗੜੇ, ਤਾਲੀਆਂ ਅਤੇ ਉਤਸ਼ਾਹ ਭਰੀਆਂ ਪ੍ਰਤੀਕਿਰਿਆਵਾਂ ਨੇ ਸਮਾਗਮਾਂ ਨੂੰ ਯਾਦਗਾਰ ਬਣਾ ਦਿੱਤਾ ਹੈ। ਖਾਸ ਕਰਕੇ ਉਨ੍ਹਾਂ ਦੇ ਲੋਕਪ੍ਰਿਯ ਗੀਤਾਂ ‘ਤੇ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਵਰਗ ਝੂਮਦਾ ਨਜ਼ਰ ਆ ਰਿਹਾ ਹੈ। ਬ੍ਰਿਸਬੇਨ ਵਿੱਚ ਹੋਣ ਵਾਲੇ ਸ਼ੋਅ ਨੂੰ ਲੈ ਕੇ ਵੀ ਪ੍ਰਸ਼ੰਸਕਾਂ ਵਿੱਚ ਖਾਸ ਉਤਸ਼ਾਹ ਵੇਖਿਆ ਜਾ ਰਿਹਾ ਹੈ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਸੰਗੀਤ ਪ੍ਰੇਮੀ ਸ਼ਮੂਲੀਅਤ ਦੀ ਤਿਆਰੀ ਕਰ ਰਹੇ ਹਨ। ਪ੍ਰੋਗਰਾਮ ਆਯੋਜਕਾਂ ਦੇ ਅਨੁਸਾਰ ਇਹ ਟੂਰ ਪੰਜਾਬੀ ਸੱਭਿਆਚਾਰ ਅਤੇ ਸੰਗੀਤ ਨੂੰ ਵਿਦੇਸ਼ਾਂ ਵਿੱਚ ਹੋਰ ਮਜ਼ਬੂਤੀ ਨਾਲ ਪੇਸ਼ ਕਰ ਰਿਹਾ ਹੈ ਰਣਜੀਤ ਬਾਵਾ ਨੇ ਆਪਣੇ ਮੰਚ ਪ੍ਰਦਰਸ਼ਨਾਂ ਦੌਰਾਨ ਪੰਜਾਬੀ ਸਭਿਆਚਾਰ, ਕਿਸਾਨੀ ਅਤੇ ਮਿੱਟੀ ਨਾਲ ਜੁੜੇ ਗੀਤਾਂ ਰਾਹੀਂ ਦਰਸ਼ਕਾਂ ਦੇ ਦਿਲ ਜਿੱਤ ਲਏ ਹਨ। ਉਨ੍ਹਾਂ ਦੀ ਸਾਦਗੀ ਅਤੇ ਲਾਈਵ ਪਰਫਾਰਮੈਂਸ ਦੀ ਊਰਜਾ ਨੇ ਆਸਟ੍ਰੇਲੀਆ ਵਿੱਚ ਵੱਸਦੇ ਪੰਜਾਬੀਆਂ ਨੂੰ ਪੰਜਾਬ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਰਣਜੀਤ ਬਾਵਾ ਦਾ ਹਰ ਸ਼ੋਅ ਇਕ ਮੇਲੇ ਵਰਗਾ ਮਹੌਲ ਪੈਦਾ ਕਰ ਰਿਹਾ ਹੈ। ਸੰਗੀਤ ਪ੍ਰੇਮੀਆਂ ਦੇ ਅਨੁਸਾਰ ਇਹ ਟੂਰ ਸਿਰਫ਼ ਇਕ ਮਨੋਰੰਜਨ ਪ੍ਰੋਗਰਾਮ ਨਹੀਂ, ਸਗੋਂ ਪੰਜਾਬੀ ਵਿਰਸੇ ਅਤੇ ਸਭਿਆਚਾਰ ਦਾ ਵੱਡਾ ਜਸ਼ਨ ਬਣ ਗਿਆ ਹੈ, ਜਿਸ ਨੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਇਕੱਠੇ ਹੋਣ ਦਾ ਸੁਨਹਿਰਾ ਮੌਕਾ ਦਿੱਤਾ ਹੈ।
