ਬ੍ਰਿਸਬੇਨ (ਪੁਸ਼ਪਿੰਦਰ ਤੂਰ) – ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਅੱਜ ਕੱਲ੍ਹ ਆਪਣੇ ਆਸਟਰੇਲੀਆ ਦੌਰੇ ਤੇ ਹਨ। ਬੀਤੇ ਸ਼ਨੀਵਾਰ ਬ੍ਰਿਸਬੇਨ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ। ਜਿੱਥੇ ਪੰਜਾਬੀ ਭਾਈਚਾਰੇ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇੱਕ ਵਿਸ਼ੇਸ ਆਯੋਜਿਤ ਕੀਤੇ ਪ੍ਰੋਗਰਾਮ ਦੌਰਾਨ ਉਨ੍ਹਾਂ ਭਾਈਚਾਰੇ ਨਾਲ ਰੂਬਰੂ ਹੋ ਕੇ ਪੰਜਾਬ ਦੀ ਮੌਜੂਦਾ ਹਾਲਾਤਾਂ ਤੇ ਖੁੱਲ੍ਹ ਕੇ ਚਰਚਾ ਕੀਤੀ। ਉਹਨਾਂ ਪੰਜਾਬ ਦੇ ਮੌਜੂਦਾ ਹਾਲਾਤ ਤੇ ਚਿੰਤਾ ਪ੍ਰਗਟ ਕੀਤੀ ਅਤੇ ਸਰਕਾਰ ਨੂੰ ਇਹਨਾਂ ਹਾਲਾਤਾਂ ਤੇ ਬਹਿਸ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰੀ। ਉਹਨਾਂ ਮੌਜੂਦਾ ਸਿੱਖਿਆ ਪ੍ਰਣਾਲੀ, ਉਦਯੋਗ, ਪ੍ਰਵਾਸੀ ਭਾਈਚਾਰੇ, ਸਿਆਸਤ, ਨੌਜਵਾਨਾਂ ਦੇ ਭਵਿੱਖ ਅਤੇ ਪਰਵਾਸੀ ਪੰਜਾਬੀਆਂ ਨਾਲ ਜੁੜੇ ਮੁੱਦਿਆਂ ‘ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੇ ਨਾ ਸਿਰਫ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਹੈ, ਸਗੋਂ ਆਪਣੀ ਮਿਹਨਤ ਅਤੇ ਸੱਭਿਆਚਾਰ ਰਾਹੀਂ ਦੁਨੀਆ ਭਰ ‘ਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਪ੍ਰਵਾਸੀ ਇੱਕ ਸਿਹਤਮੰਦ ਸਿਆਸਤ ਸਿਰਜਣ ਵਿੱਚ ਮਦਦ ਕਰ ਸਕਦੇ ਹਨ ਤਾਂ ਜੋ ਪੰਜਾਬ ਨੂੰ ਮੁੜ ਤਰੱਕੀ ਦੇ ਰਾਹ ‘ਤੇ ਲਿਆਂਦਾ ਜਾ ਸਕੇ। ਇਸ ਲਈ ਸਾਫ਼-ਸੁਥਰੀ ਸਿਆਸਤ, ਰੁਜ਼ਗਾਰ ਦੇ ਮੌਕੇ ਅਤੇ ਨੌਜਵਾਨਾਂ ਲਈ ਭਰੋਸੇਯੋਗ ਨੀਤੀਆਂ ਦੀ ਲੋੜ ਹੈ।
