ਬ੍ਰਿਸਬੇਨ (ਪੁਸ਼ਪਿੰਦਰ ਤੂਰ) – ਆਸਟ੍ਰੇਲੀਅਨ ਸਿੱਖ ਖੇਡਾਂ ਦੀ ਨੈਸ਼ਨਲ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਨਵੇਂ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਹੈ। ਕਮੇਟੀ ਵਿੱਚ ਬ੍ਰਿਸਬੇਨ ਵਾਸੀ ਦਲਜੀਤ ਸਿੰਘ (ਹੈਪੀ ਧਾਮੀ) ਨੂੰ ਸਰਬਸੰਮਤੀ ਨਾਲ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਮੈਲਬੌਰਨ ਤੋਂ ਗੁਰਪ੍ਰੀਤ ਸਿੰਘ ਸ਼ੋਕਰ ਨੂੰ ਵਾਈਸ ਪ੍ਰਧਾਨ, ਬ੍ਰਿਸਬੇਨ ਤੋਂ ਜਗਦੀਪ ਸਿੰਘ ਭਿੰਡਰ ਨੂੰ ਖਜ਼ਾਨਚੀ, ਬ੍ਰਿਸਬੇਨ ਤੋਂ ਜਸਦੇਵ ਸਿੰਘ ਬਲ ਨੂੰ ਸਕੱਤਰ ਦੇ ਅਹੁਦੇ ਲਈ ਚੁਣਿਆ ਗਿਆ ਹੈ। ਇਹਨਾਂ ਤੋਂ ਇਲਾਵਾ ਅਮਰਜੋਤ ਗੋਰਾਇਆ ਨੂੰ ਸੱਭਿਆਚਾਰਕ ਅਤੇ ਜੇਸਿਕਾ ਸਰਨਾਹ ਨੂੰ ਵਿਮੈਨ ਲੀਡ ਚੁਣਿਆ ਗਿਆ ।

ਨਵੀਂ ਚੁਣੀ ਗਈ ਟੀਮ ਨੇ ਆਸਟ੍ਰੇਲੀਅਨ ਸਿੱਖ ਖੇਡਾਂ ਨੂੰ ਹੋਰ ਮਜ਼ਬੂਤ ਕਰਨ, ਆਉਣ ਵਾਲੀਆਂ ਖੇਡਾਂ ਨੂੰ ਹੋਰ ਉੱਚ ਪੱਧਰ ’ਤੇ ਲੈ ਕੇ ਜਾਣ ਦਾ ਸੰਕਲਪ ਪ੍ਰਗਟਾਇਆ ਹੈ। ਸਿੱਖ ਖੇਡਾਂ ਆਸਟ੍ਰੇਲੀਆ ਵਿੱਚ ਪੰਜਾਬੀ ਅਤੇ ਸਿੱਖ ਭਾਈਚਾਰੇ ਨੂੰ ਇਕੱਠਾ ਕਰਨ ਦਾ ਇੱਕ ਵੱਡਾ ਮੰਚ ਹਨ, ਜਿੱਥੇ ਖੇਡਾਂ ਦੇ ਨਾਲ-ਨਾਲ ਸੱਭਿਆਚਾਰਕ ਵਿਰਸੇ ਨੂੰ ਵੀ ਉਤਸ਼ਾਹ ਮਿਲਦਾ ਹੈ। ਨਵੀਂ ਕਮੇਟੀ ਦੀ ਚੋਣ ਨਾਲ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ।