ਬ੍ਰਿਸਬੇਨ (ਪੁਸ਼ਪਿੰਦਰ ਤੂਰ) – ਬ੍ਰਿਸਬੇਨ ਦੇ ਲੋਗਨ ਪੰਜਾਬੀ ਕਮਿਊਨਿਟੀ ਅਤੇ ਸਪੋਰਟਸ ਕਲੱਬ ( LPCSC) ਵਲੋਂ ਅਮੀਗੋ ਟਾਇਰ ਅਤੇ ਜੀ ਟੈਕ ਫਾਊਂਡਰੀ ਦੇ ਸਹਿਯੋਗ ਨਾਲ ਇੱਕ ਹੋਰ ਸਾਰਥਿਕ ਕਦਮ ਵਧਾਉਂਦਿਆਂ ਇੱਕ ਸਾਹਿਤਿਕ ਸ਼ਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬ ਦੀ ਪ੍ਰਸਿੱਧ ਲੇਖਿਕਾ ਅਤੇ ਕਵਿਤਰੀ ਸੁਖਵਿੰਦਰ ਅੰਮ੍ਰਿਤ ਜੀ ਨੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਆਪਣੀਆਂ ਵੱਖੋ ਵੱਖ ਰਚਨਾਵਾਂ ਜਿਹਨਾਂ ਵਿੱਚ ਇਸ਼ਕ ਦੇ ਵਿਹੜੇ, ਕਲੇਜੇ ਤੀਰ ਵੇਖਣ ਨੂੰ, ਕਵਿਤਾ ਜਰਾ ਮੈਂ ਮੁਸ਼ਕਿਲ, ਕੁੜੀਓ ਅਤੇ ਹੋਰ ਕਈ ਰਚਨਾਵਾਂ ਸੁਣਾ ਕੇ ਇੱਕ ਯਾਦਗਾਰ ਸਮਾਗਮ ਬਣਾ ਦਿੱਤਾ। ਇਸ ਮੌਕੇ ਉਨ੍ਹਾਂ ਆਪਣੀ ਨਿੱਜੀ ਜ਼ਿੰਦਗੀ ਦੀਆਂ ਮੁੱਢਲੀਆਂ ਕਠਨਾਈਆਂ ਦਾ ਜ਼ਿਕਰ ਕੀਤਾ ਕਿ ਕਿਹਨਾਂ ਮੁਸ਼ਕਲਾਂ ਵਿਚੋਂ ਗੁਜ਼ਰਨਾ ਪਿਆ।

ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਕਲੱਬ ਮੈਂਬਰਾਂ ਵਲੋਂ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਜੀ ਆਇਆ ਕਿਹਾ। ਇਸ ਮੌਕੇ ਬ੍ਰਿਸਬੇਨ ਦੇ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ, ਕਵੀ ਅਤੇ ਗੀਤਕਾਰ ਹਸਤੀਆਂ ਨੇ ਸ਼ਮੂਲੀਅਤ ਕੀਤੀ। ਸੁਰਜੀਤ ਸੰਧੂ, ਜਸਵੰਤ ਵਾਗਲਾ, ਮਨਜੋਤ ਕੌਰ ਸਰਾਂ, ਗੁਰਜਿੰਦਰ ਸੰਧੂ, ਪੁਸ਼ਪਿੰਦਰ ਤੂਰ, ਹਰਜੀਤ ਸੰਧੂ ਵਲੋਂ ਰਚਨਾਵਾਂ ਪੇਸ਼ ਕਰ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਤਿੰਨ ਬੱਚਿਆਂ ਮਨਰਾਜ ਸਿੱਧੂ, ਜਸਤਾਜ ਢਿੱਲੋਂ, ਸਾਹਿਬ ਪ੍ਰੀਤ ਵੜਿੰਗ ਨੇ ਸੁਖਵਿੰਦਰ ਅੰਮ੍ਰਿਤ ਦੀ ਇੱਕ ਰਚਨਾ ਸੁਣਾਈ ਅਤੇ ਸਿੱਧ ਕੀਤਾ ਕਿ ਅਗਲੀ ਪੀੜ੍ਹੀ ਵਿੱਚ ਸਾਹਿਤ ਦੀ ਚਿਣਗ ਫੁੱਟ ਰਹੀ ਹੈ। ਇਸ ਮੌਕੇ ਪ੍ਰਿਤਪਾਲ ਸਿੰਘ, ਮੈਡਮ ਸੰਦੀਪ ਕੌਰ, ਹਰਵਿੰਦਰ ਸਿੱਧੂ ਅਤੇ ਨਵਦੀਪ ਸਿੰਘ ਵਲੋ ਕੀਮਤੀ ਵਿਚਾਰ ਪ੍ਰਗਟ ਕੀਤੇ। ਚਰਨਜੀਤ ਸਲਵਾਰਾ ਨੇ ਲੋਕਾਂ ਦੀ ਸਾਹਿਤ ਵਿੱਚ ਵਿੱਚ ਘੱਟ ਰਹੀ ਰੁਚੀ ਤੇ ਚਿੰਤਾ ਪ੍ਰਗਟ ਕੀਤੀ। ਸੁਖਮਨੀ ਕੌਰ ਸਿੱਧੂ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ।

ਇਸ ਮੌਕੇ ਕਲੱਬ ਕਮੇਟੀ ਮੈਂਬਰਜ਼ ਹਰਜੀਵ ਰਾਣਾ, ਗੁਰਮਿੰਦਰ ਸਿੰਘ, ਰਣਜੀਤ ਢਿੱਲੋਂ, ਜੱਸਾ ਧਾਲੀਵਾਲ, ਨਵੀ ਸਿੱਧੂ, ਹਰਨਿੰਦਰ ਸਿੰਘ, ਗੁਰਮੁਖ ਸਿੰਘ ਵਿਰਕ, ਵਰਿੰਦਰ ਸਿੰਘ ਸਰਪੰਚ, ਨਰਿੰਦਰ ਥਿੰਦ ਆਦਿ ਅਤੇ ਬ੍ਰਿਸਬੇਨ ਦੇ ਸਾਹਿਤ ਨੂੰ ਪਿਆਰ ਕਰਨ ਵਾਲੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਅੰਤ ਵਿੱਚ ਕਲੱਬ ਪ੍ਰਧਾਨ ਪ੍ਰਭ ਵਾਹਲਾ ਅਤੇ ਗੁਰਬੀਰ ਸਿੱਧੂ ਵਲੋਂ ਮੁੱਖ ਮਹਿਮਾਨ ਅਤੇ ਸਾਰਿਆਂ ਦਾ ਧੰਨਵਾਦ ਕੀਤਾ। ਸਮਾਗਮ ਦੀ ਸਟੇਜ ਸੰਚਾਲਨਾ ਗੁਰਵਿੰਦਰ ਕੌਰ ਨੇ ਬਾਖੂਬੀ ਨਿਭਾਈ।