ਬ੍ਰਿਸਬੇਨ (ਪੁਸ਼ਪਿੰਦਰ ਤੂਰ) – ਪੰਜਾਬੀ ਦੇ ਮਾਣ ਹਰਭਜਨ ਮਾਨ ਅੱਜਕੱਲ੍ਹ ਮਨਮੋਹਨ ਸਿੰਘ (ਦੇਸੀ ਰੌਕਸ) ਵਲੋਂ ਆਯੋਜਿਤ ਆਸਟ੍ਰੇਲੀਆ ਦੇ ਟੂਰ ਤੇ ਹਨ ਅਤੇ ਬ੍ਰਿਸਬੇਨ ਵਿੱਚ ਉਹਨਾਂ ਅਤੇ ਸਥਾਨਕ ਭਾਈਚਾਰੇ ਵਲੋਂ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਗਿਆ। ਕਾਫ਼ੀ ਸਮੇਂ ਬਾਅਦ ਹਰਭਜਨ ਮਾਨ ਤੇ ਗਾਇਕ ਗੁਰਸੇਵਕ ਮਾਨ ਇਕੱਠੇ ਨਜ਼ਰ ਆਏ ਜਿਨ੍ਹਾਂ ਦਾ ਬ੍ਰਿਸਬੇਨ ਵਾਸੀਆਂ ਨੇ ਖ਼ੂਬ ਆਨੰਦ ਮਾਣਿਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਮਾਤਮਾ ਦੇ ਨਾਮ ਅਤੇ ਦੂਜਾ ਗੀਤ ਮਾਵਾਂ ਨੂੰ ਸਮਰਪਿਤ ਸੀ। ਉਸ ਤੋਂ ਉਹਨਾਂ ਇੱਕ ਤੋਂ ਇੱਕ ਗੀਤ ਗਾ ਕੇ ਸਰੋਤਿਆਂ ਨੂੰ ਝੂਮਣ ਲਾਈ ਰੱਖਿਆ ਜਿਹਨਾਂ ਵਿੱਚ ‘ਜੱਗ ਜੰਕਸ਼ਨ ਰੇਲਾਂ ਦਾ’ ‘ਜੱਗ ਜਿਉਂਦਿਆਂ ਦੇ ਮੇਲੇ’ ‘ਕਲੀ’, ‘ਤਿੰਨ ਰੰਗ ਨਹੀਂ ਮਿਲਣੇ’, ‘ਗੱਲਾਂ ਗੋਰੀਆਂ’, ‘ਹਾਏ ਮੇਰੀ ਬਿੱਲੋ’, ‘ਮੇਰਾ ਲੌਂਗ ਗੁਆਚਾ’, ਮਿਰਜ਼ਾ ‘ਤੇਰੀ ਮੇਰੀ ਜੋੜੀ’, ‘ਅੱਖੀਆਂ’, ‘ਭਿੱਜ ਗਈ ਕੁੜਤੀ ਲਾਲ’, ‘ਮੇਰਾ ਪਿੰਡ’, ‘ਕਾਲ ਜਲੰਧਰ ਤੋਂ’, ‘ਸੰਮੀ ਅਤੇ ‘ਕੱਚੇ ਕੱਚ ਦੇ ਕੰਗਣ’ ਆਦਿ ਪ੍ਰਮੁੱਖ ਹਨ। ਉਹਨਾਂ ਦੀ ਸੰਗੀਤਕ ਪੇਸ਼ਕਾਰੀ ਨੇ ਮਿਲ ਕੇ ਪੰਜਾਬੀ ਲੋਕ-ਧੁਨਾਂ, ਪਿਆਰ, ਵਿਛੋੜੇ ਅਤੇ ਪਿੰਡਾਂ ਦੀ ਮਿੱਟੀ ਦੀ ਖੁਸ਼ਬੂ ਨੂੰ ਵਿਦੇਸ਼ੀ ਧਰਤੀ ’ਤੇ ਮਹਿਕ ਬਿਖੇਰ ਦਿੱਤੀ।
ਬ੍ਰਿਸਬੇਨ ਦੇ ਖਚਾਖਚ ਭਰੇ ਪੰਡਾਲ ਵਿੱਚ ਲੋਕਾਂ ਦੀ ਸ਼ਮੂਲੀਅਤ ਨੇ ਸਿੱਧ ਕਰ ਦਿੱਤਾ ਕਿ ਪੰਜਾਬੀ ਸੰਗੀਤ ਵਿੱਚ ਉਹਨਾਂ ਦੀ ਹਰਮਨ ਪਿਆਰਤਾ 35 ਸਾਲ ਬਾਅਦ ਵੀ ਕਾਇਮ ਹੈ। ਪਰਿਵਾਰਾਂ ਨੇ ਇਕੱਠਿਆਂ ਪ੍ਰੋਗਰਾਮ ਦਾ ਆਨੰਦ ਮਾਣਿਆ ਅਤੇ ਕਈ ਗੀਤਾਂ ਦੌਰਾਨ ਦਰਸ਼ਕਾਂ ਨੇ ਮਾਨ ਭਰਾਵਾਂ ਨਾਲ ਸੁਰ ਨਾਲ ਸੁਰ ਮਿਲਾ ਕੇ ਗੀਤ ਗਾਏ। ਸਮਾਗਮ ਦੇ ਅੰਤ ‘ਚ ‘ਲੋਕ ਬੋਲੀਆਂ’ ਨੇ ਮਾਹੌਲ ਨੂੰ ਹੋਰ ਵੀ ਖੁਸ਼ਗਵਾਰ ਤੇ ਯਾਦਗਾਰੀ ਬਣਾ ਦਿੱਤਾ। ‘ਸਤਰੰਗੀ ਪੀਂਘ ਆਸਟ੍ਰੇਲੀਆ ਟੂਰ 2026’ ਦਾ ਇਹ ਸਮਾਗਮ ਸਿਰਫ਼ ਇੱਕ ਸੰਗੀਤਕ ਸ਼ਾਮ ਨਹੀਂ, ਸਗੋਂ ਪੰਜਾਬੀ ਪਰਿਵਾਰਾਂ ਨੂੰ ਆਪਣੀ ਮਿੱਟੀ, ਲੋਕ-ਗਾਥਾਵਾਂ,ਆਪਣੀ ਮਾਂ- ਬੋਲੀ ਅਤੇ ਸੰਗੀਤ ਨਾਲ ਜੋੜਨ ਵਾਲਾ ਇੱਕ ਯਾਦਗਾਰੀ ਸੱਭਿਆਚਾਰਕ ਮੇਲਾ ਬਣਾ ਗਿਆ। ਇਸ ਮੌਕੇ ਸ਼ੋਅ ਦੇ ਮੁੱਖ ਪ੍ਰਬੰਧਕ ਦੇਸੀ ਰੌਕਸ ਤੋ ਮਨਮੋਹਨ ਸਿੰਘ ਨੇ ਹਰਭਜਨ ਮਾਨ ਜੀ ਅਤੇ ਗੁਰਸੇਵਕ ਮਾਨ ਦੇ ਲਾਈਵ ਸ਼ੋਅ ਨੂੰ ਸੋਲਡ ਆਊਟ ਬਣਾਉਣ ਲਈ ਬ੍ਰਿਸਬੇਨ ਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਤੇ ਅਖੀਰ ਇਹ ਇੱਕ ਯਾਦਗਾਰ ਸੰਗੀਤਕ ਸ਼ਾਮ ਹੋ ਨਿਬੜੀ।
